12/04/2026
ਆਪਾਂ ਸਾਰਿਆਂ ਨੇ ਕਿਤੇ ਨਾ ਕਿਤੇ ਜ਼ਰੂਰ ਪੜਿਆ ਸੁਣਿਆ ਕੇ 'ਪੰਜਾਬ' ਫ਼ਾਰਸੀ ਦੇ ਦੋ ਸ਼ਬਦਾਂ 'ਪੰਜ' ਅਤੇ 'ਆਬ' (ਪਾਣੀ) ਦੇ ਸੁਮੇਲ ਤੋਂ ਬਣਿਆ ਹੈ, ਜਿਸਦਾ ਮਤਲਬ ਹੈ— ਪੰਜ ਦਰਿਆਵਾਂ ਦੀ ਧਰਤੀ। ਤਕਰੀਬਨ ਇਹ ਵੀ ਜਾਣਦੇ ਹਾਂ ਕਿ ਫ਼ਾਰਸੀ ਪ੍ਰਭਾਵ ਤੋਂ ਪਹਿਲਾਂ ਇਸ ਖੇਤਰ ਨੂੰ ਸੰਸਕ੍ਰਿਤ ਵਿੱਚ 'ਸਪਤ ਸਿੰਧੂ' (ਸੱਤ ਨਦੀਆਂ ਦਾ ਦੇਸ਼) ਕਿਹਾ ਜਾਂਦਾ ਸੀ। ਮਹਾਂਭਾਰਤ ਦੇ ਸਮੇਂ ਇਸ ਨੂੰ 'ਪੰਚਨਦ' ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਕਦੇ ਪੈਂਟੋਪੋਟਾਮੀਆ ਵੀ ਕਿਹਾ ਜਾਂਦਾ ਸੀ।
ਪਰ ਬਹੁਤ ਘੱਟ ਸੁਣਿਆ ਕਿ ਜੋ ਪੰਜਾਬ ਨਾਮ ਹੈ ਇਸ ਦਾ ਪਹਿਲੀ ਵਾਰ ਜ਼ਿਕਰ ਕਦੋਂ ਹੋਇਆ ਸੀ ।
ਜੇ ਇਤਿਹਾਸ ਵਿੱਚ ਇਸ ਨਾਮ ਦੇ ਪਹਿਲੀ ਵਾਰ ਜ਼ਿਕਰ ਦੀ ਗੱਲ ਕਰੀਏ ਤਾਂ ਇਬਨ ਬਤੂਤਾ (1333 ਈਸਵੀ) ਨਾਮ ਦੇ ਮਸ਼ਹੂਰ ਮੋਰਾਕੋ ਯਾਤਰੀ ਨੇ ਆਪਣੀ ਲਿਖਤ “ਰੇਹਲਾ” ਵਿੱਚ ਸਭ ਤੋਂ ਪਹਿਲਾਂ 'ਪੰਜਾਬ' ਸ਼ਬਦ ਦੀ ਵਰਤੋਂ ਕੀਤੀ।
ਇਸ ਤੋਂ ਬਾਅਦ ਤਾਰੀਖ਼-ਏ-ਸ਼ੇਰਸ਼ਾਹ ਸੂਰੀ (1580 ਈਸਵੀ) ਕਿਤਾਬ ਵਿੱਚ ਵੀ ਪੰਜਾਬ ਨਾਮ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਅਕਬਰ ਦੇ ਵਜ਼ੀਰ ਅਬੁਲ ਫ਼ਜ਼ਲ ਦੀ ਲਿਖੀ ਕਿਤਾਬ ਆਈਨ-ਏ-ਅਕਬਰੀ ਦੇ ਪਹਿਲੇ ਭਾਗ ਵਿੱਚ ਅਬੁਲ ਫ਼ਜ਼ਲ ਨੇ ਇਸ ਨੂੰ ਇੱਕ ਸਰਕਾਰੀ 'ਸੂਬੇ' ਵਜੋਂ ਪਛਾਣ ਦਿੱਤੀ ਤੇ ਦੂਜੇ ਭਾਗ ਵਿੱਚ ਪੰਚਨੰਦ ਹੀ ਕਿਹਾ ਜਿਸਤੋਂ ਲੱਗਦਾ ਵੀ ਓਦੋਂ ਇਹ ਦੋਵੇਂ ਨਾਮ ਹੀ ਚਲਦੇ ਸਨ। ਇਸ ਤੋਂ ਇਲਾਵਾ ਮੁਗਲ ਬਾਦਸ਼ਾਹ ਜਹਾਂਗੀਰ ਦੀ ਸਵੈ ਜੀਵਨੀ ਤੁਜ਼ਕ ਏ ਜਹਾਂਗੀਰੀ ਚ ਵੀ ਪੰਜਾਬ ਸ਼ਬਦ ਆਉਂਦਾ, ਜਿਸਤੋਂ ਲੱਗਦਾ ਏਹ ਨਾਮ ਓਦੋਂ ਤੋਂ ਹੀ ਪ੍ਰਚਲਿਤ ਹੋਇਆ ਤੇ ਮੱਧਕਾਲੀਨ ਸਮੇਂ ਜਿਵੇਂ ਜਿਵੇਂ ਭਾਰਤ ਵਿੱਚ ਫ਼ਾਰਸੀ ਭਾਸ਼ਾ ਦਾ ਪ੍ਰਭਾਵ ਵਧਿਆ, ਤਾਂ ਇਹ ਖੇਤਰ ਹੌਲੀ-ਹੌਲੀ 'ਪੰਚਨਦ' ਤੋਂ 'ਪੰਜਾਬ' ਬਣ ਗਿਆ।