26/08/2023
ਸਾਡੇ ਮੁਲਕ 'ਚ ਚਾਰ ਚਾਰ ਦਿਨ 60 ਫੁੱਟ ਖੱਡੇ ਚ ਡਿੱਗਾ ਬੱਚਾ ਨਹੀਂ ਕੱਢਿਆ ਜਾਂਦਾ। ਕਿੰਨ੍ਹੇ ਹੀ ਬੱਚੇ ਮਰ ਗਏ ਪਿਛੱਲੇ 15 ਸਾਲਾਂ ਚ, ਕੋਈ ਵੀ ਵਿਗਿਆਨੀ ਉਸ ਕੰਮ ਲਈ ਕੋਈ ਮਸ਼ੀਨ ਜਾਂ ਕੋਈ ਤਕਨੀਕ ਵਿਕਸਤ ਨਹੀਂ ਕਰ ਸਕੇ, ਪਰ ਅਸੀਂ ਫੋਟੋਆਂ ਖਿੱਚਣ ਲਈ ਮਸ਼ੀਨ ਚੰਦ ਤੇ ਭੇਜ ਦਿੱਤੀ ਜੋ ਪਥਰੀਲੀ ਧਰਤੀ ਦੀਆਂ ਘਸਮੈਲੀਆਂ ਫੋਟੋਆਂ ਖਿੱਚੇਗੀ। ਰਾਜਸਥਾਨ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦੀ ਬਜਾਏ ਅਸੀਂ ਇਹ ਖੋਜ਼ ਕਰਾਂਗੇ ਕਿ ਚੰਦ ਤੇ ਪਾਣੀ ਸੀ ਜਾਂ ਨਹੀਂ। ਅਸੀਂ ਇਹ ਤਕਨੀਕ ਵਿਕਸਤ ਕਰਨ ਦੀ ਬਜਾਏ ਕਿ ਡੈਮ ਦੀ ਪਾਣੀ ਸਟੋਰ ਕਰਨ ਦੀ ਜੋ ਵੱਧ ਤੋਂ ਵੱਧ ਸਮਰੱਥਾ ਹੈ ਉਥੋਂ ਤੱਕ ਪਾਣੀ ਭਰ ਕੇ ਬਾਕੀ ਪਾਣੀ ਰੋਜ਼ਾਨਾ ਆਪਣੇ ਆਪ ਅੱਗੇ ਰੁੜ ਜਾਵੇ ਤਾਂਕਿ ਬਾਅਦ ਵਿੱਚ ਇਕੱਠਾ ਛੱਡਿਆ ਪਾਣੀ ਲੋਕਾਂ ਨੂੰ ਘਰੋਂ ਬੇਘਰ ਨਾ ਕਰੇ ਤੇ ਫਸਲਾਂ ਦਾ ਵਾਰ ਵਾਰ ਨੁਕਸਾਨ ਨਾ ਹੋਵੇ, ਇਸਦੀ ਥਾਂ ਅਸੀਂ ਇਹ ਖੋਜ਼ ਕਰਾਂਗੇ ਕਿ ਚੰਦ ਤੇ ਜੀਵਨ ਸੰਭਵ ਹੈ ਜਾਂ ਨਹੀਂ। ਭਲਿਓ ਜਿਹੜੇ ਚੰਦ ਤੇ ਹੁਣ ਤੱਕ ਸਿਰਫ਼ ਚਾਰ ਕੁ ਰਾਕਟ ਹੀ ਪਹੁੰਚੇ ਨੇ ਓਥੇ ਜੇਕਰ ਜੀਵਨ ਸੰਭਵ ਹੋਵੇ ਵੀ ਤਾਂ ਐਥੇ 150 ਕਰੋੜ ਚੋਂ ਜੇਕਰ ਹੋਰ 100 ਸਾਲ ਬਾਅਦ 100-200 ਬੰਦਾ ਲੈ ਵੀ ਜਾਵੋਗੇ ਤਾਂ ਕੀ ਮਾਰਕਾ ਮਾਰ ਲਵੋਗੇ। ਨਾਲੇ ਪਹਿਲਾਂ ਇਸ ਧਰਤੀ ਤੇ ਰਹਿਣਾ ਤਾਂ ਸਿੱਖ ਲਈਏ ਫਿਰ ਚੰਦ ਤੇ ਵੀ ਚਲੇ ਜਾਵਾਂਗੇ। ਇਥੇ ਤਾਂ ਕੋਈ ਨਦੀ ਨਾਲਾ ਦੂਸ਼ਿਤ ਕਰਨ ਵੱਲੋਂ ਛੱਡਿਆ ਨਹੀਂ, ਸਮੁੰਦਰ ਪਲਾਸਟਿਕ ਨਾਲ ਭਰ ਦਿੱਤੇ, ਜੰਗਲ ਕੱਟ ਕੇ ਫੈਕਟਰੀਆਂ ਲਗਾ ਕੇ ਹਵਾ ਦੂਸ਼ਿਤ ਕਰ ਦਿੱਤੀ, ਮਨੁੱਖੀ ਗਲਤੀਆਂ ਕਾਰਨ ਗਲੇਸ਼ੀਅਰ ਤੇਜੀ ਨਾਲ ਪਿਘਲ ਰਹੇ ਨੇ। ਕੀ ਤੁਹਾਨੂੰ ਲਗਦਾ ਕਿ ਇਹ ਮਨੁੱਖ ਚੰਦ ਤੇ ਰਹਿਣ ਦੇ ਯੋਗ ਹੈ?